ਜ਼ਿਲ੍ਹੇ ਲਈ ਖੇਤੀਬਾੜੀ ਵਿਸਥਾਰ ਤੇ ਤਕਨਾਲੋਜੀ ਸਕੀਮ ਅਧੀਨ 1,56,55,984 ਰੁਪਏ ਦਾ ਐਕਸ਼ਨ ਪਲਾਨ ਤਿਆਰ ਕੀਤਾ ਗਿਆ : ਮਾਨ

ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ (ਆਤਮਾ) ਗਵਰਨਿੰਗ ਬੋਰਡ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਕਣਕ ਦੀ ਨਾੜ ਅੱਗ ਨਾ ਲਾਉਣ ਦੀ ਕੀਤੀ ਅਪੀਲ

ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲਣ ਲਈ ਪ੍ਰੇਰਿਆ

ਐਸ.ਏ.ਐਸ. ਨਗਰ, 22 ਮਾਰਚ

ਖੇਤੀਬਾੜੀ ਵਿਭਾਗ ਅਤੇ ਅਲਾਇਡ ਵਿਭਾਗਾਂ ਦੀ ਮਦਦ ਨਾਲ ਨੈਸ਼ਨਲ ਮਿਸ਼ਨ ਆਨ ਐਗਰੀਕਲਚਰ ਐਕਸਟੈਂਸਨ ਐਂਡ ਟੈਕਨਾਲੌਜੀ (ਐਨ.ਐਮ.ਏ.ਈ.ਟੀ.) ਸਕੀਮ ਅਧੀਨ ਜ਼ਿਲ੍ਹੇ ਲਈ 1,56,55,984 ਰੁਪਏ ਦਾ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ (ਆਤਮਾ) ਗਵਰਨਿੰਗ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਸ੍ਰੀ ਮਾਨ ਨੇ ਦੱਸਿਆ ਕਿ ਸਾਲ 2018-19 ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਦੀਆਂ 5.625 ਲੱਖ ਰੁਪਏ ਨਾਲ 9 ਇੰਟਰ ਸਟੇਟ ਟਰੇਨਿੰਗਾਂ, 3.75 ਲੱਖ ਰੁਪਏ ਦੀ ਲਾਗਤ ਨਾਲ 15 ਵਿਦ ਇਨ ਸਟੇਟ ਟਰੇਨਿੰਗਾਂ ਅਤੇ 14.4 ਲੱਖ ਦੀ ਲਾਗਤ ਨਾਲ 36 ਜ਼ਿਲ੍ਹਾ ਪੱਧਰੀ ਟਰੇਨਿੰਗਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸਾਨ ਬੀਬੀਆਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਸਿਖਲਾਈ ਧੰਦਿਆਂ ਸਬੰਧੀ ਜਿਵੇਂ ਕਿ ਟਾਈ ਐਂਡ ਡਾਈ, ਵੱਖ-ਵੱਖ ਪਦਾਰਥਾਂ ਦੀ ਪ੍ਰੋਸੈਸਿੰਗ, ਰਲਵੇਂ ਆਚਾਰ, ਮੁਰੱਬੇ, ਸਿਲਾਈ ਕਢਾਈ ਆਦਿ ਦੀਆਂ 1.50 ਲੱਖ ਰੁਪਏ ਦੀ ਲਾਗਤ ਨਾਲ 30 ਟਰੇਨਿੰਗਾਂ ਕਰਵਾ ਕੇ ਸੈੱਲਫ਼ ਹੈੱਲਪ ਗਰੁੱਪ ਬਣਾਏ ਜਾਣਗੇ। ਉਨ੍ਹਾਂ ਨੇ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦੀ ਬਕਾਇਆ ਸਬਸਿਡੀ ਜਾਰੀ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 4.00 ਲੱਖ ਦੀ ਲਾਗਤ ਨਾਲ ਦੋ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਵੀ ਲਗਾਏ ਜਾਣਗੇ ਅਤੇ ਕਿਸਾਨਾਂ ਦੀਆਂ ਖੇਤੀ ਨਾਲ ਸਬੰਧਤ ਮੁਸ਼ਕਲਾਂ ਦਾ ਮੌਕੇ ‘ਤੇ ਹੱਲ ਲੱਭਣ ਲਈ ਖੇਤੀਬਾੜੀ ਵਿਭਾਗ, ਅਲਾਇਡ ਵਿਭਾਗਾਂ ਅਤੇ ਕੇ.ਵੀ.ਕੇ. ਮਾਹਿਰਾਂ ਨਾਲ ਜ਼ਿਲ੍ਹੇ ਵਿੱਚ ਦੋ ਫਾਰਮਰ ਸਾਇੰਸਟਿਸਟ ਇਨਟਰੈਕਸ਼ਨਜ਼ ਵੀ ਕਰਵਾਈਆਂ ਜਾਣਗੀਆਂ।

ਸ. ਮਾਨ ਨੇ ਦੱਸਿਆ ਕਿ ਬਲਾਕ ਪੱਧਰ ‘ਤੇ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਨਾੜ ਅਤੇ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਬੰਧ ਵਿੱਚ 06 ਫੀਲਡ ਡੇਅ/ਕਿਸਾਨ ਗੋਸ਼ਟੀਆਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹੇ ਵਿੱਚ ਨਵੀਆਂ ਤਕਨੀਕਾਂ ਨੂੰ ਵਿਕਸਤ ਕਰਨ ਸਬੰਧੀ ਬਲਾਕਾਂ ਵਿੱਚ 09 ਫਾਰਮਰ ਸਕੂਲ ਵੀ ਲਗਾਏ ਜਾਣਗੇ। ਮੀਟਿੰਗ ਵਿੱਚ ਸ਼ਾਮਲ ਕਿਸਾਨਾਂ ਨੇ ਖੇਤੀ ਵੰਨ-ਸੁਵੰਨਤਾ ਤਹਿਤ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਸਾਨਾਂ ਦੀ ਬਿਹਤਰੀ ਲਈ ਸੁਝਾਅ ਅਧਿਕਾਰੀਆਂ ਨਾਲ ਸਾਂਝੇ ਕੀਤੇ। ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਫ਼ਸਲੀ ਵੰਨ-ਸੁਵੰਨਤਾ ਸਬੰਧੀ ਹੋਰ ਰਾਜਾਂ ਦੇ ਤਜਰਬਿਆਂ ਦਾ ਅਧਿਐਨ ਕੀਤਾ ਜਾਵੇ ਤੇ ਸਫ਼ਲ ਹੋਏ ਤਜਰਬੇ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਵੀ ਲਾਗੂ ਕੀਤੇ ਜਾਣ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਨਾੜ ਨੂੰ ਕਿਸੇ ਵੀ ਹਾਲ ਅੱਗ ਨਾ ਲਾਈ ਜਾਵੇ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਜਮਾਹ ਦੀ ਕਾਸ਼ਤ ਦਾ ਤਜਰਬਾ ਕੀਤਾ ਗਿਆ ਹੈ, ਜਿਸ ਦੇ ਕਾਫ਼ੀ ਚੰਗੇ ਨਤੀਜੇ ਸਾਹਮਣੇ ਆਏ ਹਨ ਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਅਧਿਕਾਰੀਆਂ ਨੇ ਖੇਤੀਬਾੜੀ ਵਿਭਾਗ ਤੇ ਅਲਾਇਡ ਵਿਭਾਗਾਂ ਵੱਲੋਂ ਜ਼ਿਲ੍ਹੇ ਵਿੱਚ ਸਾਲ 2017-18 ਦੌਰਾਨ ਕੀਤੀਆਂ ਗਤੀਵਿਧੀਆਂ ਦੀ ਵਿਸਥਾਰਤ ਜਾਣਕਾਰੀ ਵੀ ਦਿੱਤੀ।

ਮੀਟਿੰਗ ਵਿੱਚ ਤਰਸੇਮ ਚੰਦ ਤੇ ਯਸ਼ਪਾਲ ਸ਼ਰਮਾ ਪੀ.ਸੀ.ਐਸ.(ਅੰਡਰ ਟ੍ਰੇਨਿੰਗ), ਮੁੱਖ ਖੇਤੀਬਾੜੀ ਅਫ਼ਸਰ ਸ.ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾਇਰੀ ਸੇਵਾ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ, ਡਿਪਟੀ ਡਾਇਰੈਕਟਰ ਬਾਗਬਾਨੀ ਤ੍ਰਲੋਚਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪ੍ਰਮਾਤਮਾ ਸਰੂਪ, ਵੈਟਰਨਰੀ ਅਫਸਰ ਡਾ:ਤੇਜਿੰਦਰ ਚਟਾਨ, ਚੀਫ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਕ ਸ੍ਰੀ ਸੰਜੀਵ ਅਗਰਵਾਲ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਮਰੀਕ ਸਿੰਘ, ਡਿਪਟੀ ਡਾਇਰਕੈਟਰ ਕ੍ਰਿਸੀ ਵਿਗਿਆਨ ਕੇਂਦਰ ਮੁਹਾਲੀ ਡਾ: ਯਸਵੰਤ ਸਿੰਘ, ਅਗਾਂਹਵਧੂ ਕਿਸਾਨ ਅਤੇ ਸੈਲਫ ਹੈਲਪ ਗਰੁੱਪਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>